ਤਰਖਾਣ ਦੀ ਧੀ
ਲੇਖਿਕਾ: ਮਨਦੀਪ ਕੌਰ ਭੰਮਰਾ
ਮੈਂ ਤਰਖਾਣ ਦੀ ਧੀ ਆਖਾਂ-
ਪੰਜਾਬ ਦਾ ਹਰ ਕਿਸਾਨ ਅੱਜ
ਦਿਖਾ ਰਿਹੈ ਆਪਣਾ ਜਜ਼ਬਾ
ਸਿਜਦਾ ਕਰ ਰਿਹੈ ਉਸ ਨੂੰ
ਅੱਜ ਮੇਰਾ ਵੀ ਹਰ ਜਜ਼ਬਾ
ਸੌ ਸੌ ਸਲਾਮ ਆਖੇ ਮੇਰਾ ਜਜ਼ਬਾ!
ਇਹ ਮਹਾਨ ਨੇ ਸਪੂਤ ਪੰਜਾਬ ਦੇ
ਇਹ ਮਾਂ ਮਿੱਟੀ ਦੇ ਜਾਏ
ਅੱਜ ਮਿੱਟੀ ਲਈ ਸਹਿਕਦੇ ਨੇ
ਮਿੱਟੀ ਵਿੱਚ ਰੁਲ ਰਹੇ ਨੇ
ਐਪਰ ਦੇਖੋ ਚਿਹਰੇ ਇਹਨਾਂ ਦੇ
ਖਿੜੇ ਫਿਰ ਵੀ ਟਹਿਕਦੇ ਨੇ!
ਇਹ ਅੰਨਦਾਤੇ ਸਾਡੇ ਨੇ
ਅਸੀਂ ਇਹਨਾਂ ਦੇ ਹਾਂ
ਸਾਡੇ ਦੁੱਖ ਸਾਂਝੇ ਨੇ
ਹਰ ਦੁੱਖ ਵਿੱਚ ਸੰਗ ਖੜ੍ਹੇ ਹਾਂ
ਹਮਸਾਏ ਤੇ ਹਮਜਾਏ ਨੇ
ਸਦੀਆਂ ਤੋਂ ਇੱਕ ਦੂਜੇ ਦੇ ਸਾਏ ਨੇ!
ਅਸੀਂ ਹਲ਼ ਬਣਾਈਏ
ਇਹ ਹਲ਼ ਜੋਤਣ
ਅਸੀਂ ਮਸ਼ੀਨਾਂ ਬਣਾਈਏ
ਇਹ ਖੇਤਾਂ ‘ਚ ਵਰਤਣ
ਅਸੀੰ ਟਰੈਕਟਰ ਬਣਾਈਏ
ਇਹ ਚਲਾਉਣ ਅਤੇ ਵੇਚਣ!
ਦੱਸ ਸਰਕਾਰੇ ਹੋਰ ਕਿੰਨਾਂ ਕੁ
ਦੱਸ ਤਾਂ ਸਹੀ ਆਖਿਰ ਕਿੰਨਾਂ ਕੁ
ਦੱਸ ਕਦ ਤੀਕ ਚੱਲੇਗੀਂ ਏਵੇਂ
ਹੁਣ ਬੱਸ ਵੀ ਕਰ ਤੇ ਢੰਗ ਸੰਗ ਗੱਲ ਕਰ
ਦੱਸਾਂ ਆਤਮਾ ਦੀ ਗੱਲ ਜੀ ਸਰਕਾਰੇ
ਮੈਂ ਜਾਂਦੀ ਹਰ ਕਿਸਾਨ ਦੇ ਬਲਿਹਾਰੇ!
ਪਿਓ ਕੋਲ਼ੋਂ ਮਿਲਦਾ ਜੀਵਨ ਸੰਭਾਲ਼ੀਦੈ
ਮਾਂ ਕੋਲ਼ੋਂ ਮੱਤ ਲੈਕੇ ਜੀਵਨ ਸੰਵਾਰੀਦੈ
ਗੁਰੂ ਕੋਲ਼ ਪੱਤ ਲੈ ਕੇ ਜਾਈਦੈ
ਸਮਝ ਤੇ ਸੂਝ ਦਾ ਮੀਨਾਰਾ
ਇੰਨਾ ਉੱਚਾ ਕਰ ਲਈਦੈ
ਜੱਗ ਉੱਤੇ ਨਾਮ ਇੰਝ ਚਮਕਾਈਦੈ!
ਮੈਂ ਸ਼ਾਇਰ ਦੀ ਧੀ ਕਲਮ ਦੀ ਜਾਈ-
ਮਾਨਵਤਾ ਦੀ ਜੋਤ ਨੂੰ ਜਗਾ ਕੇ
ਲੈ ਹੱਥ ਬੰਨ੍ਹੇ ਤੇਰੇ ਅੱਗੇ ਆਈ
ਕੁੱਝ ਤਾਂ ਵਿਚਾਰ ਕਰ
ਹੌਲਾ ਮਨ ਦਾ ਤੂੰ ਭਾਰ ਕਰ
ਮਨ ਦੀ ਬਾਤ ਤੂੰ ਕਰ ਪਰ ਆਤਮਾ ਦੀ ਸੁਣ!
-ਮਨਦੀਪ ਕੌਰ ਭੰਮਰਾ 12.11,2020
Comments
Post a Comment