ਸਵੈ-ਚਲਿਤ ਲੋਹ-ਮਸ਼ੀਨਾਂ ਦੇ ਮੌਲਿਕ ਕਾਰੀਗਰ
ਬਾਪੂ ਹਰਬੰਸ ਸਿੰਘ ਫਲੋਰਾ
ਕਿਸੇ ਨੇ ਕਿੰਨਾ ਆਲ੍ਹਾ ਕੁਦਰਤੀ ਸੱਚ ਬਿਆਨ ਕੀਤਾ ਹੈ ਕਿ ਮਨੁੱਖ ਦਾ ਸਭ ਤੋਂ ਨੇੜੇ ਦਾ ਸੱਚਾ-ਸੁੱਚਾ ਸਾਥੀ ਔਜ਼ਾਰ ਜੇਕਰ ਕੋਈ ਹੈ ਤਾਂ ਉਹ ਉਸ ਦੇ ਆਪਣੇ ਦੋਵੇਂ ਹੱਥ ਹਨ। ਜਿਨ੍ਹਾਂ ਨੇ ਸਮੁੱਚੀ ਦੁਨੀਆ ਦੀ ਸਮੁੱਚੀ ਮਸ਼ੀਨਰੀ ਦੀ ਲੱਭਤ ਅਤੇ ਘਾੜਤ ਵਿਚ ਮਿਸਾਲੀ ਯੋਗਦਾਨ ਪਾਇਆ ਹੈ। ਬੀਤੀ ਸਦੀ ਦੇ ਤੀਜੇ ਦਹਾਕੇ ਵਿਚ ਜਨਮ ਲੈਣ ਵਾਲੇ ਬਾਪੂ ਹਰਬੰਸ ਸਿੰਘ ਫਲੋਰਾ ਅਜਿਹੇ ਹੀ ਸਧੇ ਹੋਏ ਹੱਥਾਂ ਦੇ ਮਾਲਕ ਰਹੇ ਹਨ। ਜਿਨ੍ਹਾਂ ਨੇ ਆਪਣੇ ਜ਼ਿਲ੍ਹਾ ਹੁਸ਼ਿਆਰਪੁਰ (ਨੇੜੇ ਮਾਹਿਲਪੁਰ) 'ਚ ਪੈਂਦੇ ਪਿੰਡ ਨਮੋਲੀਆਂ ਵਿਚ ਵਿਚਰਦਿਆਂ ਆਪਣੀ ਕਮਾਲ ਦੀ ਤਕਨੀਕੀ ਸੂਝ ਸਦਕਾ ਸਤਵੇਂ ਅੱਠਵੇਂ ਦਹਾਕੇ (ਸਾਲ 1972 ਦੇ ਲਾਗੇ-ਚਾਗੇ) ਮੌਲਿਕ ਰੂਪ। ਵਿਚ ਤਿੰਨ ਸਵੈ-ਚਲਿਤ ਮਸ਼ੀਨਾਂ ਬਣਾਈਆਂ। ਜਿਨ੍ਹਾਂ ਵਿਚ ਆਟੋਮੈਟਿਕ ਹੈਮਰ (ਘਣ), ਸੇਵੀਆਂ ਵੱਟਣ ਵਾਲੀ ਸਵੈ-ਚਲਿਤ ਮਸ਼ੀਨ ਅਤੇ ਸਵੈ-ਚਲਿਤ ਲੋਹਾ ਕਟਰ ਮਸ਼ੀਨ ਸ਼ਾਮਲ ਹੈ।
ਆਪਣੀ ਉਮਰ ਦੇ ਛਿਆਨਵੇਂ (96) ਸਾਲ ਨੂੰ ਮਾਣ ਰਹੇ ਇਸ ਮੌਲਿਕ ਲੋਹ ਕਾਰੀਗਰ ਦਾ ਜਨਮ ਭਾਰਤ ਦੇ ਉੁੱਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਮੁਜੱਫਰ ਨਗਰ ਵਿਚ ਸਾਲ 1926 ਨੂੰ ਹੋਇਆ। ਪਿਤਾ ਨਿਰਮਲ ਸਿੰਘ ਫਲੋਰਾ ਦੇ ਲਾਡਲੇ ਦੇ ਮਾਤਾ ਜੀ ਜਸਵੰਤ ਕੌਰ ਬਚਪਨ ਵਿਚ ਹੀ ਚਲ ਵਸੇ। ਉਨ੍ਹਾਂ ਨੂੰ ਚਾਚੀ ਹੁਸਨ ਕੌਰ ਨੇ ਮਾਂ ਬਣ ਕੇ ਪਾਲਿਆ ਅਤੇ ਲਾਡ ਲਡਾਇਆ। ਕਾਰਨ ਵੱਸ ਉਨ੍ਹਾਂ ਨੂੰ ਮੁਜੱਫਰ ਨਗਰ ਤੋਂ ਪਿੰਡ ਆ ਕੇ ਰਹਿਣਾ ਪਿਆ। ਜਿਥੇ ਪਰਿਵਾਰ ਨੇ ਖੇਤੀਬਾੜੀ 'ਚ ਕੰਮ ਆਉਣ ਵਾਲੇ ਸੰਦ, ਰੰਬੇ, ਦਾਤੀਆਂ, ਕਹੀਆਂ, ਟੋਕੇ ਬਣਾਉਣ ਵਾਲਾ ਕਾਰਖਾਨਾ ਲਗਾਇਆ। ਉਨ੍ਹਾਂ ਦੇ ਬਣਾਏ ਹਲਟ ਵੇਲਣੇ ਪੂਰੇ ਪੰਜਾਬ ਵਿਚ ਪ੍ਰਸਿੱਧ ਸਨ। ਮਾਝੇ-ਮਾਲਵੇ ਤੱਕ ਉਨ੍ਹਾਂ ਦੇ ਬਣਾਏ ਰੰਬੇ, ਦਾਤੀਆਂ, ਕਹੀਆਂ ਜਾਂਦੀਆਂ ਸਨ। ਕਮਾਲ ਦਾ ਸੱਚ ਇਹ ਹੈ ਕਿ ਜਵਾਨੀ ਦੇ ਸਿਖਰ 'ਤੇ ਪੁੱਜੇ ਹਰਬੰਸ ਸਿੰਘ ਫਲੋਰਾ ਸਾਈਕਲ ਉਤੇ ਹੀ ਦੂਰ ਦੁਰਾਡੇ ਜਾ ਕੇ ਕਿਸਾਨਾਂ ਤੋਂ ਇਨ੍ਹਾਂ ਖੇਤੀ ਸੰਦਾਂ ਦੇ 'ਆਰਡਰ' ਲਿਆਇਆ ਅਤੇ ਸਾਈਕਲ ਉਤੇ ਹੀ ਬਹੁਤੇ ਆਰਡਰ ਪਹੁੰਚਾਇਆ ਕਰਦੇ ਸਨ। ਉਹ ਲੁਧਿਆਣਾ ਅਤੇ ਜਲੰਧਰ ਤੱਕ ਸਾਈਕਲ 'ਤੇ ਹੀ ਜਾਂਦੇ।
ਇਹ ਉਹ ਦਿਨ ਸਨ ਜਦੋਂ ਕਿਸਾਨ ਕਣਕ ਦੀ ਗਹਾਈ ਫਲਿਆਂ ਨਾਲ ਕਰਿਆ ਕਰਦੇ ਸਨ। ਉਨ੍ਹਾਂ ਦਿਨਾਂ 'ਚ ਉਨ੍ਹਾਂ ਆਪਣੇ ਹੱਥੀਂ ਕਣਕ ਦੀ ਗਹਾਈ ਦੀ ਮਸ਼ੀਨ ਬਣਾਈ। ਉਨ੍ਹਾਂ ਦੀਆਂ ਬਣਾਈਆਂ ਇਨ੍ਹਾਂ ਮਸ਼ੀਨਾਂ ਨੂੰ ਲੋਕੀਂ ਦੂਰੋਂ-ਦੂਰੋਂ ਤੱਕਣ ਆਉਂਦੇ। ਉਨ੍ਹਾਂ ਆਪਣੇ ਇਲਾਕੇ ਦੇ ਲੋਕਾਂ ਨੂੰ ਮਸ਼ੀਨ ਨਾਲ ਕਣਕ ਗਾਹੁਣ ਦਾ ਚੱਜ ਸਿਖਾਇਆ। ਜ਼ਿੰਦਗੀ ਦੇ ਨਾਸਾਜ਼ ਹਾਲਤਾਂ ਕਰਕੇ ਉਹ ਆਪਣੀ ਮੌਲਿਕ ਤਕਨੀਕੀ ਸੂਝ ਦਾ ਮੁੱਲ ਤਾਂ ਨਹੀਂ ਵੱਟ ਸਕੇ ਪਰ ਉਨ੍ਹਾਂ ਦੇ ਤਿੰਨੇ ਪੁੱਤਰ ਨਿਰਮਲ ਸਿੰਘ, ਸੁਰਿੰਦਰਪਾਲ ਸਿੰਘ, ਜਸਵੀਰ ਸਿੰਘ, ਬੇਟੀਆਂ ਸ਼ਮਿੰਦਰ ਕੌਰ, ਬਲਵੀਰ ਅਤੇ ਪੋਤਰੇ ਵਰਿੰਦਰ ਸਿੰਘ #ਫਲੋਰਾ ਕੈਨੇਡਾ, ਤਲਵਿੰਦਰ ਸਿੰਘ ਫਰੋਲਾ ਕੈਨੇਡਾ, ਨਵਦੀਪ ਸਿੰਘ ਫਲੋਰਾ ਅਤੇ ਇੰਦਰਜੀਤ ਫਲੋਰਾ ਮਾਣ ਕਰਦੇ ਹਨ। ਉਨ੍ਹਾਂ ਦੇ ਪੋਤਰੇ ਤਲਵਿੰਦਰ ਸਿੰਘ ਨੇ ਤਾਂ ਕੈਨੇਡਾ ਦੇ ਸ਼ਹਿਰ ਰਿਚਮੰਡ 'ਚ 'ਫਲੋਰਾ ਟ੍ਰੇਮਿੰਗ ਕੰਪਨੀ' ਬਣਾ ਕੇ ਦਾਦੇ ਦੀ ਵਿਰਾਸਤੀ ਸੂਝ ਦਾ ਪ੍ਰਗਟਾਵਾ ਕੀਤਾ ਹੈ।
Comments
Post a Comment